Social Media influencer Deepika ਦੇ ਕੇਸ ‘ਚ ਦੋ ਮੁਲਜ਼ਮ ਗ੍ਰਿਫਤਾਰ,ਅਦਾਲਤੀ ਪੇਸ਼ੀ

ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਦੋ ਨੌਜਵਾਨਾਂ, ਰਮਨਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। 20 ਜੂਨ 2025 ਨੂੰ, ਇਨ੍ਹਾਂ ਦੋਹਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੇ ਬਣਾਉਟੀ ਆਈਡੀਆਂ ਜ਼ਰੀਏ ਧਮਕੀਆਂ ਭੇਜੀਆਂ ਸਨ।
ਜਾਣਕਾਰੀ ਅਨੁਸਾਰ, ਦੀਪਿਕਾ ਨੂੰ ਈਮੇਲ ਜ਼ਰੀਏ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਜਿਨ੍ਹਾਂ ਵਿੱਚ ਬਣਾਉਟੀ ਆਈਡੀਆਂ ਦੀ ਵਰਤੋਂ ਕਰਦਿਆਂ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਨਾਂ ਵਰਤਿਆ ਗਿਆ। ਇਹ ਧਮਕੀਆਂ ਦੀਪਿਕਾ ਦੇ ਸੋਸ਼ਲ ਮੀਡੀਆ ਕੰਟੈਂਟ ਨੂੰ “ਅਸ਼ਲੀਲ” ਦੱਸ ਕੇ ਦਿੱਤੀਆਂ ਗਈਆਂ।
ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਦੀਪਿਕਾ ਦੀ ਸ਼ਿਕਾਇਤ ‘ਤੇ ਆਈ.ਟੀ. ਐਕਟ ਦੀਆਂ ਸੰਬੰਧਿਤ ਧਾਰਾਵਾਂ ਅਧੀਨ ਮਹਿਰੋਂ ਅਤੇ ਹੋਰਨਾਂ ਵਿਰੁੱਧ ਮਾਮਲਾ ਦਰਜ ਕੀਤਾ। ਰਮਨਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਤਕਨੀਕੀ ਜਾਂਚ ਅਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ। ਧਮਕੀਆਂ ਤੋਂ ਬਾਅਦ ਦੀਪਿਕਾ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਬੰਦ ਕਰ ਦਿੱਤਾ ਅਤੇ ਅੰਮ੍ਰਿਤਸਰ ਪੁਲਿਸ ਨੇ ਉਸ ਦੀ ਸੁਰੱਖਿਆ ਲਈ ਦੋ ਹਥਿਆਰਬੰਦ ਜਵਾਨ ਤਾਇਨਾਤ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਸਖਤੀ ਨਾਲ ਨਜਿੱਠਿਆ ਜਾਵੇਗਾ।