Singapore Cargo Ship: ਕੇਰਲ ਤੱਟ ਨੇੜੇ ਸਿੰਗਾਪੁਰ ਦੇ ਮਾਲਵਾਹਕ ਜਹਾਜ਼ ਨੂੰ ਲੱਗੀ ਅੱਗ, 18 ਚਾਲਕ ਦਲ ਮੈਂਬਰ ਰੈਸਕਿਊ, 6 ਜ਼ਖਮੀ ਹਸਪਤਾਲ ‘ਚ ਦਾਖਲ

ਸਿੰਗਾਪੁਰ ਦੇ ਮਾਲਵਾਹਕ ਜਹਾਜ਼ ਐਮ.ਵੀ. ਵਾਨ ਹਾਈ 503 ਕੇਰਲ ਦੇ ਬੇਪੋਰ ਤੱਟ ਤੋਂ ਲਗਭਗ 78 ਨੌਟੀਕਲ ਮੀਲ (144 ਕਿਲੋਮੀਟਰ) ਦੂਰ ਅਰਬ ਸਾਗਰ ਵਿੱਚ ਅੱਗ ਲੱਗ ਗਈ। ਜਹਾਜ਼ ਕੋਲੰਬੋ, ਸ੍ਰੀਲੰਕਾ ਤੋਂ ਮੁੰਬਈ ਦੇ ਨਹਾਵਾ ਸ਼ੇਵਾ ਪੋਰਟ ਜਾ ਰਿਹਾ ਸੀ ਅਤੇ ਇਸ ਵਿੱਚ 22 ਚਾਲਕ ਦਲ ਦੇ ਮੈਂਬਰ ਸਨ।
ਭਾਰਤੀ ਨੇਵੀ ਅਤੇ ਕੋਸਟ ਗਾਰਡ ਨੇ ਸਾਂਝੀ ਰੈਸਕਿਊ ਆਪ੍ਰੇਸ਼ਨ ਰਾਹੀਂ 18 ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ, ਜਿਨ੍ਹਾਂ ਨੇ ਅੱਗ ਦੀ ਲਪਟਾਂ ਤੋਂ ਬਚਣ ਲਈ ਸਮੁੰਦਰ ਵਿੱਚ ਛਾਲ ਮਾਰ ਦਿੱਤੀ ਸੀ। ਪੰਜ ਮੈਂਬਰ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਇਹ ਜ਼ਖਮੀ ਨੇਵੀ ਦੇ ਜਹਾਜ਼ ਆਈ.ਐਨ.ਐਸ. ਸੂਰਤ ਰਾਹੀਂ ਮੰਗਲੁਰੂ ਦੇ ਏ.ਜੇ. ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ। ਚਾਰ ਮੈਂਬਰ, ਜਿਨ੍ਹਾਂ ਵਿੱਚ ਦੋ ਤਾਈਵਾਨ, ਇੱਕ ਇੰਡੋਨੇਸ਼ੀਆ ਅਤੇ ਇੱਕ ਮਿਆਂਮਾਰ ਦੇ ਨਾਗਰਿਕ ਸ਼ਾਮਲ ਹਨ, ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਖੋਜ ਜਾਰੀ ਹੈ।
ਜਾਣਕਾਰੀ ਮੁਤਾਬਿਕ ਅੱਗ ਦੀ ਸੂਚਨਾ ਸਵੇਰੇ ਮੁੰਬਈ ਦੇ ਮੈਰੀਟਾਈਮ ਆਪ੍ਰੇਸ਼ਨ ਸੈਂਟਰ ਨੂੰ ਮਿਲੀ ਸੀ। ਅੱਗ ਦੀ ਵਜ੍ਹਾ ਅਤੇ ਜਹਾਜ਼ ਦੇ 650 ਕੰਟੇਨਰਾਂ ਵਿੱਚ ਮੌਜੂਦ ਸਮੱਗਰੀ ਦੀ ਪੜਤਾਲ ਜਾਰੀ ਹੈ, ਜਿਨ੍ਹਾਂ ਵਿੱਚ ਜਲਣਸ਼ੀਲ ਅਤੇ ਖਤਰਨਾਕ ਪਦਾਰਥ (ਜਿਵੇਂ ਐਸਿਡ, ਗੰਪਾਊਡਰ, ਅਤੇ ਲਿਥੀਅਮ ਬੈਟਰੀਆਂ) ਸ਼ਾਮਲ ਹੋ ਸਕਦੇ ਹਨ।
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕੋਜ਼ੀਕੋਡ ਅਤੇ ਏਰਨਾਕੁਲਮ ਜ਼ਿਲ੍ਹਿਆਂ ਦੇ ਕਲੈਕਟਰਾਂ ਨੂੰ ਜ਼ਖਮੀਆਂ ਦੇ ਇਲਾਜ ਲਈ ਹਸਪਤਾਲਾਂ ਵਿੱਚ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਦੂਜਾ ਵੱਡਾ ਸਮੁੰਦਰੀ ਹਾਦਸਾ ਹੈ, ਜੋ ਪਿਛਲੇ ਮਹੀਨੇ ਨੂੰ ਲਿਬੇਰੀਆ ਦੇ ਜਹਾਜ਼ ਐਮ.ਐਸ.ਸੀ. ਐਲਸਾ 3 ਦੇ ਡੁੱਬਣ ਤੋਂ ਬਾਅਦ ਵਾਪਰਿਆ, ਜਿਸ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਿਆ ਸੀ।