Sidhu Moosewala’s 3rd Anniversary: ਗੀਤਾਂ ਵਿੱਚ ਜ਼ਿੰਦਾ, ਇਨਸਾਫ ਦੀ ਲੜਾਈ ਜਾਰੀ

ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ, ਜਿਸ ਨੂੰ ਸਿੱਧੂ ਮੂਸੇਵਾਲਾ ਵਜੋਂ ਜਾਣਿਆ ਜਾਂਦਾ ਹੈ, ਦੀ ਤੀਜੀ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ ਉਸ ਦੀ ਮਾਂ, ਚਰਨ ਕੌਰ, ਨੇ ਇੱਕ ਭਾਵੁਕ ਸੁਨੇਹਾ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, “ਤੇਰੀ ਤਸਵੀਰ ਨਾਲ ਗੱਲਾਂ ਕਰਦਿਆਂ ਨੂੰ ਤਿੰਨ ਸਾਲ ਬੀਤ ਗਏ…”। ਇਹ ਸੁਨੇਹਾ ਸਿੱਧੂ ਦੇ ਪਰਿਵਾਰ ਅਤੇ ਫੈਨਜ਼ ਦੇ ਦੁੱਖ ਅਤੇ ਉਸ ਦੀ ਯਾਦ ਨੂੰ ਦਰਸਾਉਂਦਾ ਹੈ। ਸਿੱਧੂ ਦੀ ਮੌਤ ਨੇ ਨਾ ਸਿਰਫ਼ ਪੰਜਾਬੀ ਸੰਗੀਤ ਜਗਤ ਨੂੰ ਸਦਮੇ ਵਿੱਚ ਪਾਇਆ ਸੀ, ਸਗੋਂ ਸਮੁੱਚੇ ਭਾਰਤ ਅਤੇ ਵਿਦੇਸ਼ਾਂ ਵਿੱਚ ਉਸ ਦੇ ਪ੍ਰਸ਼ੰਸਕਾਂ ਨੂੰ ਝੰਜੋੜਿਆ ਸੀ।
29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਸਿੱਧੂ ਮੂਸੇਵਾਲਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਆਪਣੀ ਕਾਲੀ ਥਾਰ ਗੱਡੀ ਵਿੱਚ ਆਪਣੇ ਘਰ ਤੋਂ ਬਿਨਾ ਸੁਰੱਖਿਆ ਗਾਰਡਾਂ ਦੇ ਨਿਕਲਿਆ ਸੀ। ਹਮਲਾਵਰਾਂ, ਜਿਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੋੜਿਆ ਗਿਆ, ਨੇ ਉਸ ਨੂੰ ਘੇਰ ਲਿਆ ਅਤੇ ਤਕਰੀਬਨ 30 ਤੋਂ ਵੱਧ ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ 19 ਗੋਲੀਆਂ ਸਿੱਧੂ ਨੂੰ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਿੱਧੂ ਦੀ ਸੁਰੱਖਿਆ ਨੂੰ ਘਟਾਉਣ ਦਾ ਫੈਸਲਾ, ਜੋ ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਲਿਆ ਗਿਆ ਸੀ, ਵੀ ਵਿਵਾਦ ਦਾ ਵਿਸ਼ਾ ਬਣਿਆ | ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਹੱਤਿਆ ਪਹਿਲਾਂ ਤੋਂ ਯੋਜਨਾਬੱਧ ਸੀ ਅਤੇ ਇਸ ਵਿੱਚ ਕਈ ਗੈਂਗਸਟਰ ਸ਼ਾਮਲ ਸਨ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਅਤੇ ਹੋਰਨਾਂ ਸਮੇਤ ਕੁੱਲ 36 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਅਤੇ ਚਾਰਜਸ਼ੀਟ ਦਾਖਲ ਕੀਤੀ। ਹੁਣ ਤੱਕ 30 ਤੋਂ ਵੱਧ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਕੁਝ ਨੇ ਹਮਲੇ ਵਿੱਚ ਸਿੱਧੀ ਸ਼ਮੂਲੀਅਤ ਦੀ ਗੱਲ ਕਬੂਲੀ ਹੈ