Patiala News: ਕਿਸਾਨਾਂ ਦੀ ਫ਼ਸਲ ਨੂੰ ਵੱਡਾ ਨੁਕਸਾਨ, ਸਰਕਾਰ ਤੋਂ ਮੁਆਵਜੇ ਦੀ ਮੰਗ

ਪਟਿਆਲਾ ਦੇ ਨਜ਼ਦੀਕ ਸੁਨਿਆਰਹੇੜੀ ਅਤੇ ਸਨੌਰ ਦੇ ਨੇੜਲੇ ਹੋਰ ਕਈ ਪਿੰਡਾਂ ਵਿੱਚ ਵੀ ਇਸ ਗੜ੍ਹੇਮਾਰੀ ਕਾਰਨ ਫਸਲਾਂ ਨੂੰ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਹ ਖੇਤਰ ਮੁੱਖ ਤੌਰ ‘ਤੇ ਸਬਜ਼ੀਆਂ ਅਤੇ ਫਲਾਂ ਦੀ ਖੇਤੀ ‘ਤੇ ਨਿਰਭਰ ਹੈ, ਅਤੇ ਅਜਿਹੇ ਨੁਕਸਾਨ ਨੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਹੋਰ ਕਮਜ਼ੋਰ ਕਰ ਦਿੱਤਾ ਹੈ।
ਸਨੌਰ ਬਲਾਕ ਦੇ ਪਿੰਡ ਸੁਨਿਆਰਹੇੜੀ ਵਿੱਚ ਹਾਲ ਹੀ ਵਿੱਚ ਗੜ੍ਹੇਮਾਰੀ ਕਾਰਨ ਖਰਬੂਜੇ, ਤਰਬੂਜ ਅਤੇ ਖੀਰੇ ਦੀ ਫਸਲ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਿਆ ਹੈ। ਰਿਪੋਰਟਾਂ ਅਨੁਸਾਰ, ਲਗਭਗ 60 ਤੋਂ 70 ਕਿੱਲੇ (ਏਕੜ) ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪਿੰਡ ਵਾਸੀਆਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨੁਕਸਾਨ ਉਨ੍ਹਾਂ ਦੀ ਜੀਵਿਕਾ ਲਈ ਵੱਡਾ ਝਟਕਾ ਹੈ, ਕਿਉਂਕਿ ਇਹ ਫਸਲਾਂ ਉਨ੍ਹਾਂ ਦੀ ਮੁੱਖ ਆਮਦਨ ਦਾ ਸਰੋਤ ਸਨ।
ਪਹਿਲਾਂ ਵੀ ਕੁਦਰਤੀ ਆਫਤਾਂ ਦੌਰਾਨ ਕਿਸਾਨਾਂ ਦੀ ਸਹਾਇਤਾ ਲਈ ਮੁਆਵਜਾ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਤੇ ਕਿਸਾਨਾਂ ਨੇ ਸਰਕਾਰ ਨੂੰ ਹੁਣ ਵੀ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਮੁਆਵਜੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।