MP Amritpal Singh ਨੂੰ ਪੰਜਾਬ ਲਿਆਉਣ ਲਈ ਪੰਜਾਬ ਪੁਲਿਸ ਅਸਾਮ ਲਈ ਹੋਈ ਰਵਾਨਾ

ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਵਾਪਸ ਲਿਆਉਣ ਲਈ ਪੰਜਾਬ ਪੁਲਿਸ ਦੀ ਇੱਕ ਟੀਮ ਅੰਮ੍ਰਿਤਸਰ ਤੋਂ ਅਸਾਮ ਲਈ ਰਵਾਨਾ ਹੋ ਗਈ ਹੈ ਤਾਂ ਜੋ ਅੰਮ੍ਰਿਤਪਾਲ ਸਿੰਘ ਨੂੰ ਟਰਾਂਜ਼ਿਟ ਰਿਮਾਂਡ ’ਤੇ ਪੰਜਾਬ ਲਿਆਂਦਾ ਜਾ ਸਕੇ | ਸੂਤਰਾਂ ਮੁਤਾਬਕ ਅੰਮ੍ਰਿਤਪਾਲ ‘ਤੇ ਲੱਗੇ ਐੱਨ. ਐੱਸ. ਏ. ਹੁਣ ਨਹੀਂ ਵਧਾਇਆ ਜਾਵੇਗਾ। ਅੰਮ੍ਰਿਤਪਾਲ ਸਿੰਘ ਦੇ ਜਲਦੀ ਹੀ ਪੰਜਾਬ ਵਾਪਸ ਆਉਣ ਦੀ ਉਮੀਦ ਹੈ ।
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲੈ ਕੇ ਆਉਣ ਤੋਂ ਬਾਅਦ ਜਲਦੀ ਹੀ ਅਜਨਾਲਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਿੱਥੋਂ ਉਸ ਦਾ ਰਿਮਾਂਡ ਲੈ ਕੇ ਅਜਨਾਲਾ ਥਾਣੇ “ਤੇ ਹੋਏ ਹਮਲੇ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਵੇਗੀ।
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਅਜਨਾਲਾ ਥਾਣੇ ਉਤੇ ਹਮਲਾ ਕਰ ਦਿੱਤਾ ਸੀ। ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਇਹ ਹਮਲਾ ਥਾਣੇ ਵਿੱਚ ਬੰਦ ਇੱਕ ਸਾਥੀ ਤੂਫਾਨ ਸਿੰਘ ਨੂੰ ਛੁਡਾਉਣ ਲਈ ਕੀਤਾ ਗਿਆ ਸੀ। ਇਸ ਘਟਨਾ ਵਿੱਚ ਪੁਲੀਸ ਅਧਿਕਾਰੀ ਅਤੇ ਕਈ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ ਸਨ। ਐੱਨ. ਐੱਸ. ਏ. ਦੇ ਤਹਿਤ ਵਾਰਿਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਨੌਂ ਸਾਥੀਆਂ ਨੂੰ 2023 ਵਿੱਚ ਡਿਬਰੂਗੜ੍ਹ ਵਿਖੇ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ, ਜਿਨ੍ਹਾਂ ਨੂੰ ਅਜਨਾਲਾ ਪੁਲਿਸ ਸਟੇਸ਼ਨ ‘ਤੇ ਹਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਹਾਲ ਹੀ ਵਿੱਚ ਪੰਜਾਬ ਵਾਪਸ ਲਿਆਂਦਾ ਗਿਆ ਸੀ।