Ludhiana Elections: ਚੋਣ ਡਿਊਟੀ ਤੋਂ ਗੈਰਹਾਜ਼ਰੀ ‘ਤੇ 6 ਅਧਿਆਪਕ ਮੁਅੱਤਲ

ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਡਿਊਟੀ ਦੌਰਾਨ ਗੈਰ-ਹਾਜ਼ਰ ਰਹਿਣ ਵਾਲੇ ਛੇ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਜ਼ਿਲ੍ਹਾ ਚੋਣ ਅਧਿਕਾਰੀ ਦੇ ਹੁਕਮਾਂ ਅਨੁਸਾਰ ਕੀਤੀ ਗਈ। ਅਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਮੇਜਰ ਅਮਿਤ ਸਰੀਨ ਨੇ ਸਪੱਸ਼ਟ ਕੀਤਾ ਕਿ ਚੋਣ ਸਬੰਧੀ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ |
ਇਹ ਫੈਸਲਾ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ। ਪ੍ਰਸ਼ਾਸਨ ਦਾ ਇਹ ਆਦੇਸ਼ ਦਰਸਾਉਂਦਾ ਹੈ ਕਿ ਚੋਣਾਂ ਪ੍ਰਤੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਮੁਅੱਤਲ ਕੀਤੇ ਅਧਿਆਪਕਾਂ ਵਿੱਚ ਉਮਾ ਸ਼ਰਮਾ ਪ੍ਰਾਇਮਰੀ ਕੇਡਰ, ਗੁਰਵਿੰਦਰ ਕੌਰ ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਜਸਪ੍ਰੀਤ ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਸਰਬਜੀਤ ਕੌਰ ਐਸੋਸੀਏਟ ਪ੍ਰੀ-ਪ੍ਰਾਇਮਰੀ ਟੀਚਰ, ਹਰਦੀਪ ਕੌਰ ਸਹਿਯੋਗੀ ਅਧਿਆਪਕਾ ਅਤੇ ਮਨਮਿੰਦਰ ਕੌਰ ਸਹਿਯੋਗੀ ਅਧਿਆਪਕਾ ਸ਼ਾਮਲ ਹਨ