Kamal Kaur murder: ਪੰਜਾਬੀ ਸਿੰਗਰ ਮੀਕਾ ਨੇ ਸਿੱਖ ਭਾਈਚਾਰੇ ਦੀ ਬਦਨਾਮੀ ‘ਤੇ ਜਤਾਇਆ ਗੁੱਸਾ

ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਸੋਸ਼ਲ ਮੀਡੀਆ ਇੰਫਲੂਐਂਸਰ ਕਮਲ ਕੌਰ ਭਾਬੀ (ਕੰਚਨ ਕੁਮਾਰੀ) ਦੇ ਕਤਲ ਮਾਮਲੇ ਵਿੱਚ ਮੁੱਖ ਮਾਸਟਰਮਾਇੰਡ ਅੰਮ੍ਰਿਤਪਾਲ ਸਿੰਘ ਮਹਿਰੋਂ ‘ਤੇ ਸਖ਼ਤ ਟਿੱਪਣੀ ਕੀਤੀ ਹੈ। ਮੀਕਾ ਨੇ ਇੱਕ ਵੀਡੀਓ ਜਾਰੀ ਕਰਕੇ ਮਹਿਰੋਂ ਬਾਰੇ ਕਿਹਾ, “ਕੀ ਤੁਹਾਡੇ ਕੋਲ ਸਿਰਫ਼ ਇਹੀ ਕੰਮ ਬਚਿਆ ਹੈ ਕਿ ਛੋਟੇ ਕੱਪੜੇ ਪਾਉਣ ਵਾਲੀ ਔਰਤ ਨੂੰ ਲੱਭ ਕੇ ਮਾਰ ਦਿਓ?” ਉਨ੍ਹਾਂ ਨੇ ਮਹਿਰੋਂ ਨੂੰ ਸਵਾਲ ਕੀਤਾ ਕਿ ਜੇਕਰ ਉਹ ਇੰਨੇ ਹੀ ਸਮਰੱਥ ਹਨ, ਤਾਂ ਪੰਜਾਬ ਦੇ ਅਸਲ ਅਪਰਾਧੀਆਂ ਨੂੰ ਫੜਨ, ਜਿਨ੍ਹਾਂ ਵਿੱਚ ਨਸ਼ਾ ਤਸਕਰ ਅਤੇ ਬਲਾਤਕਾਰੀ ਸ਼ਾਮਲ ਹਨ। ਮੀਕਾ ਨੇ ਸਿੱਖ ਭਾਈਚਾਰੇ ਦੀ ਸੇਵਾ ਅਤੇ ਸਹਾਇਤਾ ਦੀ ਪਰੰਪਰਾ ਦਾ ਹਵਾਲਾ ਦਿੰਦਿਆਂ ਮਹਿਰੋਂ ਦੀਆਂ ਕਾਰਵਾਈਆਂ ਨੂੰ ਸਿੱਖੀ ਦੇ ਮੁੱਲਾਂ ਵਿਰੁੱਧ ਦੱਸਿਆ ਅਤੇ ਕਿਹਾ ਕਿ ਅਜਿਹੀਆਂ ਹਰਕਤਾਂ ਨਾਲ ਸਿੱਖ ਭਾਈਚਾਰੇ ਦੀ ਬਦਨਾਮੀ ਹੋ ਰਹੀ ਹੈ।
ਮੀਕਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਮਹਿਰੋਂ ਅਤੇ ਉਸ ਦੇ ਸਾਥੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਸੱਚ ਸਾਹਮਣੇ ਲਿਆਉਣ। ਉਨ੍ਹਾਂ ਨੇ ਹਰਜੀਤ ਸਿੰਘ ਰਸੂਲਪੁਰ ਦੇ ਸਮਰਥਨ ਵਿੱਚ ਵੀ ਆਵਾਜ਼ ਉਠਾਈ ਅਤੇ ਕਿਹਾ ਕਿ ਉਹ ਸੱਚ ਦੇ ਨਾਲ ਖੜ੍ਹੇ ਹਨ ਅਤੇ ਹਰ ਸੰਭਵ ਮਦਦ ਲਈ ਤਿਆਰ ਹਨ।
ਤੁਹਾਨੂੰ ਦੱਸ ਦਈਏ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਮਹਿਰੋਂ, ਜੋ ਕਿ ਇੱਕ ਨਿਹੰਗ ਸਿੱਖ ਅਤੇ ਸਵੈ-ਘੋਸ਼ਿਤ ਸਿੱਖ ਰੈਡੀਕਲ ਲੀਡਰ ਹੈ, ਨੇ ਕਮਲ ਕੌਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਇਸ ਨੂੰ “ਸਿੱਖ ਮੁੱਲਾਂ ਦੀ ਰਾਖੀ” ਅਤੇ “ਅਸ਼ਲੀਲ ਸਮੱਗਰੀ” ਦੇ ਵਿਰੁੱਧ ਕਾਰਵਾਈ ਦੱਸਿਆ ਸੀ। ਅੰਮ੍ਰਿਤਪਾਲ ਮਹਿਰੋਂ ਦੇ ਦੋ ਸਹਿਯੋਗੀ, ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਹੈ।