Chhattisgarh Accident: ਰਾਏਪੁਰ ‘ਚ 13 ਲੋਕਾਂ ਦੀ ਮੌਤ, ਔਰਤਾਂ-ਬੱਚੇ ਸ਼ਾਮਲ

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਰਾਏਪੁਰ-ਬਲੋਦਾਬਾਜ਼ਾਰ ਸੜਕ ‘ਤੇ ਸਰਾਗਾਂਵ ਨੇੜੇ ਇੱਕ ਟ੍ਰੇਲਰ ਅਤੇ ਯਾਤਰੀਆਂ ਨੂੰ ਲੈ ਜਾ ਰਹੇ ਟਰੱਕ ਦੇ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਨੌਂ ਔਰਤਾਂ ਅਤੇ ਚਾਰ ਬੱਚੇ ਸ਼ਾਮਲ ਸਨ, ਅਤੇ 11 ਹੋਰ ਜ਼ਖਮੀ ਹੋਏ।
ਜਾਣਕਾਰੀ ਅਨੁਸਾਰ ਮ੍ਰਿਤਕ ਅਤੇ ਜ਼ਖਮੀ ਸਾਰੇ ਚਟੌਦ ਪਿੰਡ ਦੇ ਸਨ ਅਤੇ ਬੰਸਾਰੀ ਪਿੰਡ ਵਿੱਚ ਇੱਕ ਪਰਿਵਾਰਕ ਸਮਾਗਮ ਤੋਂ ਵਾਪਸ ਆ ਰਹੇ ਸਨ। ਜ਼ਖਮੀਆਂ ਨੂੰ ਤੁਰੰਤ ਰਾਏਪੁਰ ਦੇ ਡਾ. ਭੀਮਰਾਓ ਅੰਬੇਡਕਰ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਰਾਏਪੁਰ ਦੇ ਪੁਲਿਸ ਸੁਪਰਡੈਂਟ ਲਾਲ ਉਮੇਦ ਸਿੰਘ ਨੇ ਦੱਸਿਆ ਕਿ ਟਰੱਕ “ਛਠੀ” ਸਮਾਰੋਹ ਤੋਂ ਵਾਪਸ ਆ ਰਿਹਾ ਸੀ ਜਦੋਂ ਹਾਦਸਾ ਵਾਪਰਿਆ। ਜ਼ਿਲ੍ਹਾ ਕੁਲੈਕਟਰ ਗੌਰਵ ਸਿੰਘ ਨੇ ਪੁਸ਼ਟੀ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ, ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।