Central Government: ਭਾਖੜਾ ਡੈਮ ਦੀ ਸੁਰੱਖਿਆ ਲਈ CISF ਜਵਾਨ ਤਾਇਨਾਤ

ਪੰਜਾਬ ਅਤੇ ਹਰਿਆਣਾ ਵਿਚਕਾਰ ਭਾਖੜਾ ਡੈਮ ਦੇ ਪਾਣੀ ਦੀ ਵੰਡ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ, ਕੇਂਦਰ ਸਰਕਾਰ ਨੇ ਨੰਗਲ (ਪੰਜਾਬ) ਵਿਖੇ ਭਾਖੜਾ ਡੈਮ ਪ੍ਰੋਜੈਕਟ ਦੀ ਸੁਰੱਖਿਆ ਲਈ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ 19 ਮਈ, 2025 ਨੂੰ 296 CISF ਜਵਾਨਾਂ ਦੀਆਂ ਅਸਾਮੀਆਂ ਸਿਰਜਣ ਦਾ ਆਦੇਸ਼ ਜਾਰੀ ਕੀਤਾ, ਜਿਸ ਤੋਂ ਬਾਅਦ BBMB ਨੂੰ ਸੁਰੱਖਿਆ, ਰਿਹਾਇਸ਼ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ।
ਇਹ ਕਦਮ ਪੰਜਾਬ ਪੁਲਿਸ ਵੱਲੋਂ ਡੈਮ ਦੇ ਮਹੱਤਵਪੂਰਨ ਹਿੱਸਿਆਂ ‘ਤੇ ਕਬਜ਼ਾ ਕਰਨ ਅਤੇ BBMB ਦੇ 4,500 ਕਿਊਸਿਕ ਵਾਧੂ ਪਾਣੀ ਹਰਿਆਣਾ ਲਈ ਛੱਡਣ ਦੇ ਫੈਸਲੇ ਦੇ ਵਿਰੋਧ ਵਿੱਚ ਭਾਰੀ ਫੋਰਸ ਤਾਇਨਾਤ ਕਰਨ ਤੋਂ ਬਾਅਦ ਚੁੱਕਿਆ ਗਿਆ। BBMB ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੱਸਿਆ ਕਿ ਪੰਜਾਬ ਸਰਕਾਰ ਨੇ ਡੈਮ ਦੇ ਕੰਮਕਾਜ ਵਿੱਚ ਰੁਕਾਵਟ ਪਾਈ, ਜਿਸ ਕਾਰਨ CISF ਦੀ ਮੰਗ ਕੀਤੀ ਗਈ। ਹਾਈ ਕੋਰਟ ਨੇ 6 ਮਈ, 2025 ਨੂੰ ਪੰਜਾਬ ਪੁਲਿਸ ਨੂੰ ਕੰਮਕਾਜ ਵਿੱਚ ਦਖਲ ਨਾ ਦੇਣ ਦੇ ਨਿਰਦੇਸ਼ ਦਿੱਤੇ, ਪਰ CISF ਤਾਇਨਾਤੀ ਦਾ ਸਿੱਧਾ ਆਦੇਸ਼ ਦੇਣ ਤੋਂ ਇਨਕਾਰ ਕੀਤਾ। ਪੰਜਾਬ ਸਰਕਾਰ ਨੇ BBMB ਦੇ ਪੁਨਰਗਠਨ ਅਤੇ ਪਾਣੀ ਸਮਝੌਤਿਆਂ ਦੀ ਮੁੜ ਸਮੀਖਿਆ ਦੀ ਮੰਗ ਕੀਤੀ ਹੈ, ਜਦਕਿ ਕੇਂਦਰ ਅਤੇ ਹਰਿਆਣਾ ਸੁਰੱਖਿਆ ਅਤੇ ਪਾਣੀ ਸਪਲਾਈ ਨੂੰ ਪਹਿਲ ਦੇ ਰਹੇ ਹਨ। ਜਿਸ ਦੀ ਅਗਲੀ ਸੁਣਵਾਈ ਅਤੇ BBMB ਦੀ 23 ਮਈ, 2025 ਦੀ ਮੀਟਿੰਗ ਮਹੱਤਵਪੂਰਨ ਹੋਵੇਗੀ।