Diljit Dosanjh ਦੀ “Sardar Ji 3” ਨਹੀਂ ਹੋਵੇਗੀ ਰਿਲੀਜ਼, ਜਾਣੋ ਕਿਉਂ

ਦਿਲਜੀਤ ਦੋਸਾਂਝ ਦੀ ਫਿਲਮ “ਸਰਦਾਰ ਜੀ 3” ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਕੀਤਾ ਜਾਵੇਗਾ, ਕਿਉਂਕਿ ਇਸ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਸਮੇਤ ਹੋਰ ਪਾਕਿਸਤਾਨੀ ਕਲਾਕਾਰ (ਨਾਸਿਰ ਚਿਨਿਓਤੀ, ਸਲੀਮ ਅਲਬੇਲਾ, ਅਤੇ ਡੈਨੀਅਲ ਖਵਾਰ) ਸ਼ਾਮਲ ਹਨ।
ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ (FWICE) ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੂੰ ਫਿਲਮ ਨੂੰ ਸਰਟੀਫਿਕੇਟ ਨਾ ਦੇਣ ਦੀ ਅਪੀਲ ਕੀਤੀ, ਜਿਸ ਕਾਰਨ ਨਿਰਮਾਤਾਵਾਂ ਨੇ ਫਿਲਮ ਨੂੰ ਸਿਰਫ ਵਿਦੇਸ਼ਾਂ ਵਿੱਚ 27 ਜੂਨ 2025 ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ। ਦਿਲਜੀਤ ਨੇ 22 ਜੂਨ ਨੂੰ ਇੰਸਟਾਗ੍ਰਾਮ ‘ਤੇ ਟ੍ਰੇਲਰ ਸਾਂਝਾ ਕਰਦਿਆਂ ਲਿਖਿਆ, “ਸਰਦਾਰ ਜੀ 3 ਰਿਲੀਜ਼ਿੰਗ 27 ਜੂਨ OVERSEAS Only/ FADH LAO BHOOND DIAN LATTAN।” ਭਾਰਤ ਵਿੱਚ ਟ੍ਰੇਲਰ ਯੂਟਿਊਬ ‘ਤੇ ਜੀਓ-ਬਲਾਕ ਕੀਤਾ ਗਿਆ ਹੈ, ਪਰ ਫਿਲਮ ਦੇ ਗੀਤ ਅਤੇ ਟੀਜ਼ਰ ਮੌਜੂਦ ਹਨ।
ਫਿਲਮ ਦੇ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਨੇ ਕਿਹਾ ਕਿ ਫਿਲਮ ਦੀ ਸ਼ੂਟਿੰਗ ਭਾਰਤ-ਪਾਕਿਸਤਾਨ ਤਣਾਅ ਤੋਂ ਪਹਿਲਾਂ ਹੋਈ ਸੀ, ਪਰ ਭਾਰਤੀ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆਂ ਭਾਰਤ ਵਿੱਚ ਰਿਲੀਜ਼ ਨਹੀਂ ਕੀਤੀ ਜਾਵੇਗੀ।
ਤੁਹਾਨੂੰ ਦੱਸ ਦਈਏ 22 ਅਪ੍ਰੈਲ 2025 ਨੂੰ ਪਹਿਲਗਾਮ ਅੱਤਵਾਦੀ ਹਮਲੇ ਅਤੇ ਭਾਰਤ ਦੀ “ਆਪ੍ਰੇਸ਼ਨ ਸਿੰਦੂਰ” ਮਗਰੋਂ ਭਾਰਤ-ਪਾਕਿਸਤਾਨ ਤਣਾਅ ਕਾਰਨ ਫਿਲਮ ਇੰਡਸਟਰੀ ਨੇ ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਲਗਾਈ ਹੋਈ ਹੈ।