
N Biren Singh Resign: ਮਣਿਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਭਲਕੇ ਯਾਨੀਕਿ ਰਥਾਤ 10 ਫਰਵਰੀ 2025 ਤੋਂ ਮਣਿਪੁਰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਸੀ। ਵਿਰੋਧੀ ਧਿਰ ਮਣਿਪੁਰ ਸਰਕਾਰ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਲਿਆਉਣ ਦੀ ਤਿਆਰੀ ਵਿੱਚ ਸੀ। ਕਾਂਗਰਸ ਨੇ ਕਿਹਾ ਕਿ ਐਨ ਬੀਰੇਨ ਸਿੰਘ ਨੂੰ ਦੋ ਸਾਲ ਪਹਿਲਾਂ ਹੀ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਸੀ। ਕਾਂਗਰਸ ਨੇਤਾ ਆਲੋਕ ਸ਼ਰਮਾ ਨੇ ਕਿਹਾ, “ਦੇਸ਼ ਕਦੇ ਵੀ ਉਨ੍ਹਾਂ ਨੂੰ ਮੁਆਫ ਨਹੀਂ ਕਰੇਗਾ। ਮਣਿਪੁਰ ਵਿੱਚ ਵਿਧਾਇਕਾਂ ਦੀ ਜ਼ਮੀਰ ਜਾਗ ਚੁੱਕੀ ਹੈ। ਉਨ੍ਹਾਂ ਨੇ ਮਜ਼ਬੂਰੀ ਵਿਚ ਅਸਤੀਫਾ ਦਿੱਤਾ ਹੈ।
ਅਮਿਤ ਸ਼ਾਹ ਨਾਲ ਕੀਤੀ ਸੀ ਮੁਲਾਕਾਤ
ਐਨ ਬੀਰੇਨ ਸਿੰਘ ਨੇ ਅੱਜ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਸ਼ਾਮ ਨੂੰ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਰਾਜਭਵਨ ਵਿੱਚ ਰਾਜਪਾਲ ਅਜੇ ਕੁਮਾਰ ਭੱਲਾ ਨੂੰ ਆਪਣਾ ਅਸਤੀਫਾ ਸੌਂਪਿਆ। ਇਸ ਮੌਕੇ ਉਨ੍ਹਾਂ ਨਾਲ ਪ੍ਰਦੇਸ਼ ਬੀਜੇਪੀ ਪ੍ਰਧਾਨ ਏ ਸ਼ਾਰਦਾ, ਉੱਤਰੀ-ਪੂਰਬ ਮਣਿਪੁਰ ਪ੍ਰਭਾਰੀ ਸੰਬਿਤ ਪਾਤਰਾ ਅਤੇ ਤਕਰੀਬਨ 19 ਵਿਧਾਇਕ ਮੌਜੂਦ ਸਨ। ਇਸ ਦੇ ਕੁਝ ਸਮੇਂ ਬਾਅਦ ਵਿਧਾਇਕ ਦਲ ਦੀ ਮੀਟਿੰਗ ਹੋਣ ਦੀ ਉਮੀਦ ਹੈ, ਜਿਸ ਵਿੱਚ ਪਾਰਟੀ ਹਾਈਕਮਾਨ ਨਾਲ ਗੱਲਬਾਤ ਕਰਕੇ ਨਵਾਂ ਨੇਤਾ ਚੁਣਿਆ ਜਾਵੇਗਾ। ਪਿਛਲੇ ਸਾਲ ਦੇ ਅੰਤ ਵਿੱਚ ਮਣਿਪੁਰ ਵਿੱਚ ਹਿੰਸਾ ਦੇ ਮਾਮਲੇ ਤੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਲੋਕਾਂ ਤੋਂ ਮਾਫ਼ੀ ਵੀ ਮੰਗੀ ਸੀ।
ਵਿਰੋਧੀਆਂ ਦੀ ਪ੍ਰਤੀਕਿਰਿਆ- ਦੇਰੀ ਨਾਲ ਦਿੱਤਾ ਅਸਤੀਫਾ
ਮਣਿਪੁਰ ਤੋਂ ਐਨਪੀਏਐਫ ਪਾਰਟੀ ਦੇ ਸੰਸਦ ਮੈਂਬਰ ਲੋਰੋ ਫੋਜ਼ ਨੇ ਕਿਹਾ, “ਐਨ ਬੀਰੇਨ ਸਿੰਘ ਨੇ ਆਪਣੇ ਵਿਧਾਇਕਾਂ ਦਾ ਸਮਰਥਨ ਗਵਾ ਦਿੱਤਾ ਸੀ। ਉਨ੍ਹਾਂ ਨੇ ਦੇਰ ਨਾਲ ਅਸਤੀਫਾ ਦਿੱਤਾ। ਜੇ ਉਹ ਡੇਢ ਸਾਲ ਪਹਿਲਾਂ ਅਸਤੀਫਾ ਦੇ ਦਿੰਦੇ ਤਾਂ ਮਣਿਪੁਰ ਬਚ ਸਕਦਾ ਸੀ, ਵਿਦਿਆਰਥੀਆਂ ਦੀ ਜ਼ਿੰਦਗੀ ਬਚ ਸਕਦੀ ਸੀ। ਹੁਣ ਮਣਿਪੁਰ ਦੇ ਨੁਕਸਾਨ ਦੀ ਭਰਪਾਈ ਉਨ੍ਹਾਂ ਦੇ ਅਸਤੀਫੇ ਨਾਲ ਨਹੀਂ ਹੋ ਸਕਦੀ।”
ਅਸਤੀਫਾ ਪੱਤਰ ਵਿੱਚ ਬੀਰੇਨ ਸਿੰਘ ਨੇ ਕਿਹਾ
ਐਨ ਬੀਰੇਨ ਸਿੰਘ ਨੇ ਆਪਣੇ ਅਸਤੀਫੇ ਵਿੱਚ ਲਿਖਿਆ, “ਅੱਜ ਤੱਕ ਮਣਿਪੁਰ ਦੇ ਲੋਕਾਂ ਦੀ ਸੇਵਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਰਹੀ ਹੈ। ਮੈਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਸਮੇਂ ਸਿਰ ਕਾਰਵਾਈ ਕੀਤੀ, ਮਦਦ ਕੀਤੀ ਅਤੇ ਵਿਕਾਸ ਕੰਮ ਕਰਵਾਏ। ਮੇਰੀ ਕੇਂਦਰ ਸਰਕਾਰ ਤੋਂ ਬੇਨਤੀ ਹੈ ਕਿ ਉਹ ਇਨ੍ਹਾਂ ਯੋਜਨਾਵਾਂ ਨੂੰ ਜਾਰੀ ਰੱਖੇ।”